सोमवार, 18 जून 2012

ਜਾਣ  ਤੋਂ  ਪਹਿਲਾਂ
ਉਸ  ਮੁੜ  ਮੈਨੂੰ  ਤੱਕਿਆ
ਅਤੇ  ਇਸ  ਤਰਾਂ  'ਥੈੰਕ  ਯੂ'  ਕਿਹਾ  ਜਿਵੇਂ 
ਇਹ ਆਖਿਰੀ ਵਿਦਾਈ ਹੋਵੇ
ਜਿਵੇਂ ਉਹ ਕਹਿਣਾ ਚਾਹੁੰਦੀ ਹੋਏ 
ਥੈੰਕ ਯੂ ਮੇਰੇ ਨਾਲ ਰਹਿਣ ਲਈ
ਜਾਂ ਨਾ ਰਹਿਣ ਲਈ
ਥੈੰਕ ਯੂ ਮੈਨੂੰ ਚਿਰਾਂ ਦੀ ਤਾਂਘ ਤੋਂ ਛੁਟਕਾਰਾ ਦੁਆਉਣ ਲਈ
ਥੈੰਕ ਯੂ ਇੱਕ ਹੋਰ ਦੁਖ ਨੂੰ ਮੇਰਾ ਸਹਾਰਾ ਬਣਾਉਣ ਲਈ

ਉਸਦੇ ਸੂਟ ਦਾ ਲਾਲ ਰੰਗ  ਜਿਵੇਂ 
ਚਿੱਟਾ ਦੁਧ ਵਰਗਾ ਬਣ ਗਿਆ ਸੀ ਅਤੇ ਲਾਲੀ
ਉਸਦੇ ਸਦੀਆਂ ਦੇ ਨਿਸ਼ਾਨ ਝਲਦੇ ਚਿਹਰੇ ਨੂੰ
ਰੌਸ਼ਨ ਕਰਨ ਲੱਗ ਪਈ ਸੀ

ਉਸਦੇ ਮਾਨੀਖੇਜ਼ ਹੱਸਦੇ ਬੁੱਲਾਂ ਤੋਂ ਥੈੰਕ ਯੂ 
ਇੱਕ ਮਿੱਠੇ ਤੀਰ ਵਾਂਗ ਨਿਕਲ ਕੇ ਮੇਰੇ ਆਰ-ਪਾਰ ਲੰਘ ਗਿਆ
ਜਾਣ ਲੱਗਿਆਂ ਉਸਨੂੰ ਦੁੱਖ ਨਹੀਂ ਸੀ ਕੋਈ  
ਸਗੋਂ ਇਹ ਸ਼ੁਕਰਾਨਾ ਸ਼ਾਇਦ ਉਸਦੇ ਵਜੂਦ 'ਚੋਂ ਨਿਕਲ ਕੇ
ਮੇਰੇ ਉੱਪਰ ਇੱਕ ਸਦੀਵੀਂ ਭਾਰ ਬਣ ਗਿਆ

ਉਸ ਮੇਰੇ ਜੁਆਬ ਦੀ ਉਡੀਕ ਨਹੀਂ ਕੀਤੀ 
ਕਿਉਂਕਿ ਉਹ ਜਾਣਦੀ ਸੀ ਕਿ ਅਖੀਰਲਾ ਵਾਰ ਉਹ ਕਰ ਚੁੱਕੀ ਏ
ਅਤੇ ਹੁਣ ਉਸਨੂੰ ਇੱਕ ਹੋਰ ਪੈਂਡਾ ਇਕੱਲਿਆਂ ਤੈਅ ਕਰਨਾ ਏ